30/07/2026
22_39_165157482weather1

ਪੰਜਾਬ ਵਿਚ ਕੜਾਕੇ ਦੀ ਪੈ ਰਹੀ ਠੰਢ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਸੂਰਜ ਦੇਵਤਾ 6 ਦਿਨਾਂ ਤੋਂ ਗਾਇਬ ਹਨ। ਇਸੇ ਵਿਚਾਲੇ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਸੀਤਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਧੁੱਪ ਨਾ ਨਿਕਲਣ ਕਾਰਨ ਪੂਰੇ ਸੂਬੇ ਵਿਚ ਦਿਨ ਦਾ ਪਾਰਾ ਅਜੇ ਵੀ ਆਮ ਨਾਲੋਂ 1.8 ਡਿਗਰੀ ਘੱਟ ਹੈ ਪਰ ਆਉਣ ਵਾਲੇ ਦੋ ਦਿਨ ਰਾਹਤ ਭਰੇ ਰਹਿਣ ਵਾਲੇ ਹਨ ਪਰ 4 ਜਨਵਰੀ ਤੋਂ ਇੱਕ ਵਾਰ ਫਿਰ ਮੌਸਮ ਬਦਲੇਗਾ ਤੇ ਸੂਬੇ ਵਿਚ ਮੁੜ ਤੋਂ ਮੀਂਹ ਦੇ ਆਸਾਰ ਹਨ। ਚੰਡੀਗੜ੍ਹ ‘ਚ ਹਾਲਾਤ ਆਮ ਵਾਂਗ ਰਹਿਣ ਵਾਲੇ ਹਨ ਅਤੇ ਇੱਥੇ ਮੌਸਮ ਆਮ ਵਾਂਗ ਰਹੇਗਾ। ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ ਅਤੇ ਮੌਸਮ ਵਿਭਾਗ ਨੇ ਕਿਸੇ ਹੋਰ ਜ਼ਿਲ੍ਹੇ ਲਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।

ਦਸਿਆ ਜਾ ਰਿਹਾ ਹੈ ਕਿ ਇੱਕ ਹੋਰ ਪੱਛਮੀ ਗੜਬੜ 4 ਜਨਵਰੀ ਨੂੰ ਸਰਗਰਮ ਹੋ ਰਹੀ ਹੈ। ਇਹ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪੱਛਮੀ ਹਿਮਾਲਿਆ ਦੀਆਂ ਪਹਾੜੀਆਂ ਨੂੰ ਵੀ ਪ੍ਰਭਾਵਿਤ ਕਰੇਗਾ। 4 ਜਨਵਰੀ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 12 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਜਿੱਥੇ ਇਸ ਗੜਬੜੀ ਦੇ ਪ੍ਰਭਾਵ ਕਾਰਨ ਮੌਸਮ ਫਿਰ ਤੋਂ ਆਪਣਾ ਮਿਜਾਜ਼ ਬਦਲੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਐਸਏਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਤਿੰਨ ਦਿਨ ਮੀਂਹ ਪੈਣ ਦੇ ਅਸਾਰ ਹਨ।

ਇਸ ਦੇ ਨਾਲ ਹੀ 5-6 ਜਨਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇ ਇਹ ਪੱਛਮੀ ਗੜਬੜੀ ਜ਼ੋਰ ਫੜਦੀ ਹੈ ਤਾਂ ਇਹ ਸਾਲ ਦੀ ਪਹਿਲੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਆਮ ਨਾਲੋਂ 126 ਫੀਸਦੀ ਵੱਧ ਮੀਂਹ ਪਿਆ ਹੈ। ਆਮ ਤੌਰ ‘ਤੇ ਦਸੰਬਰ ਦੇ ਮਹੀਨੇ 10.9 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ 24.7 ਮਿਲੀਮੀਟਰ ਮੀਂਹ ਪੈ ਚੁੱਕਾ ਹੈ।

Leave a Reply

Your email address will not be published. Required fields are marked *