30/07/2026
ਚੱਕਰ

ਉੱਤਰ ਪ੍ਰਦੇਸ਼ ਦੇ ਫਤੇਹਪੁਰ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਦੋ ਮਾਲ ਗੱਡੀਆਂ ਦੀ ਆਪਸ ‘ਚ ਜ਼ੋਰਦਾਰ ਟੱਕਰ ਹੋ ਗਈ। ਇਕ ਮਾਲ ਗੱਡੀ ਪਟੜੀ ‘ਤੇ ਖੜ੍ਹੀ ਸੀ ਜਦੋਂ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇ ਖੜ੍ਹੀ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਦਾ ਡਿੱਬਾ ਪਟੜੀ ਤੋਂ ਉਤਰ ਗਿਆ। ਹਾਦਸੇ ‘ਚ ਦੋਵੇਂ ਟ੍ਰੇਨਾਂ ਦੇ ਲੋਕੋ ਪਾਇਲਟ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਘਟਨਾ ਮੰਗਲਵਾਰ ਸਵੇਰੇ ਡੈਡੀਕੇਟਿਡ ਫਰੇਟ ਕੋਰੀਡੋਰ ‘ਤੇ ਵਾਪਰੀ।

ਇਸ ਟ੍ਰੈਕ ‘ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਅਜਿਹੇ ‘ਚ ਇਸ ਘਟਨਾ ਦਾ ਯਾਤਰੀ ਟ੍ਰੇਨਾਂ ‘ਤੇ ਕੋਈ ਅਸਰ ਨਹੀਂ ਪਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਦੋਵਾਂ ਟ੍ਰੇਨਾਂ ਦੇ ਲੋਕੋ ਪਾਇਲਟਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਰਾਹਤ ਅਤੇ ਬਚਾਅ ਲਈ ਟੀਮਾਂ ਪਹੁੰਚ ਗਈਆਂ ਹਨ। ਹਾਦਸਾ ਕਾਨਪੁਰ-ਫਤਿਹਪੁਰ ਵਿਚਕਾਰ ਖਾਗਾ ‘ਚ ਪੰਭੀਪੁਰ ਨੇੜੇ ਅੱਪ ਲਾਈਨ ‘ਤੇ ਹੋਇਆ।

DFC ਦੇ ਅਫ਼ਸਰਾਂ ਨੇ ਦੱਸਿਆ ਕਿ ਟਰੈਕ ‘ਤੇ ਰੈੱਡ ਸਿਗਨਲ ‘ਤੇ ਇੱਕ ਮਾਲ ਗੱਡੀ ਖੜ੍ਹੀ ਸੀ। ਉਦੋਂ ਹੀ ਅਚਾਨਕ ਇੱਕ ਮਾਲ ਗੱਡੀ ਨੇ ਤੇਜ਼ ਰਫ਼ਤਾਰ ਨਾਲ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ। ਦੋਵੇਂ ਮਾਲ ਗੱਡੀਆਂ ਕੋਲੇ ਨਾਲ ਲੱਦੀਆਂ ਹੋਈਆਂ ਸਨ। ਹਾਦਸੇ ਕਾਰਨ ਮਾਲ ਕਾਰੀਡੋਰ ਦੀ ਇਕ ਲਾਈਨ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਮਾਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਕੁਝ ਰਸਤੇ ਬਦਲੇ ਗਏ ਹਨ। ਰੇਲਵੇ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *