30/07/2026
122

 ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਅੱਜ ਵੱਡੀ ਗਿਣਤੀ ਅਕਾਲੀ ਲੀਡਰ ਤੇ ਵਰਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋ ਰਹੇ ਹਨ। ਇੱਥੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ। ਇਹ ਅਕਾਲੀ ਲੀਡਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਇੱਕਜੁੱਟ ਹੋਏ ਹਨ। ਇਸ ਲਈ ਬਾਗੀ ਧੜਾ ਅੱਜ 1 ਜੁਲਾਈ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਰਿਹਾ ਹੈ। 

ਹਾਸਲ ਜਾਣਕਾਰੀ ਮੁਤਾਬਕ ਅਕਾਲੀ ਦਲ ਦਾ ਬਾਗੀ ਧੜਾ ਸੋਮਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ, ਪੰਥ ਤੇ ਅਕਾਲੀ ਦਲ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗਾ। ਅਕਾਲੀ ਦਲ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਗੀ ਧੜੇ ਵੱਲੋਂ ਅਕਾਲ ਤਖ਼ਤ ਸਾਹਿਬ ਤੋਂ ਉਹ ਸੱਚਾਈ ਨੂੰ ਸਮੁੱਚੇ ਪੰਥ ਸਾਹਮਣੇ ਰੱਖਿਆ ਜਾਏਗਾ ਜਿਸ ਤਹਿਤ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਤੋਂ ਹੁਕਮ ਜਾਰੀ ਕਰਵਾਏ ਗਏ ਸੀ। 

ਦਸ ਦੇਈਏ ਕਿ ਉਸ ਸਮੇਂ ਦੇ ਚਸ਼ਮਦੀਦ ਆਗੂ ਇਸ ਮਾਮਲੇ ਨੂੰ ਜਨਤਕ ਕਰਨ ਦੇ ਨਾਲ-ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਵੀ ਸੌਂਪਣਗੇ। ਇਸ ਦੇ ਨਾਲ ਹੀ ਉਹ ਖੁਦ ਤੇ ਹੋਰ ਦੋਸ਼ੀਆਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ ਵੀ ਉਠਾਉਣਗੇ ਤੇ ਜਥੇਦਾਰ ਨੂੰ ਅਪੀਲ ਕਰਨਗੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਦਿੱਤੀ ਜਾਏ।

ਸੂਤਰਾਂ ਅਨੁਸਾਰ ਨਵੇਂ ਅਕਾਲੀ ਦਲ ਦੀ ਸਥਾਪਨਾ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਾਗੀ ਧੜੇ ਪਹਿਲੇ ਪੜਾਅ ਵਿੱਚ ਕਿਸੇ ਵੀ ਪ੍ਰਧਾਨ ਦੀ ਚੋਣ ਨਹੀਂ ਕਰਨਗੇ ਤੇ ਇੱਕ-ਇੱਕ ਕਨਵੀਨਰ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਪੰਥਕ ਸਰਗਰਮੀਆਂ ਚਲਾਉਣ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਸਮੂਹ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਕੇ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *