30/07/2026
212

ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ਮਾਡਲ ਟਾਊਨ ‘ਚ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਅੱਤਵਾਦੀ ਲੰਡਾ ਤੇ ਉਸ ਦੇ ਸਾਥੀ ਦੇ 6 ਰਿਸ਼ਤੇਦਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲਖਬੀਰ  ਦੀ ਮਾਤਾ ਪਰਮਿੰਦਰ ਕੌਰ, ਭੈਣ ਜਸਪਾਲ ਕੌਰ, ਹੌਲਦਾਰ ਰਣਜੋਤ ਸਿੰਘ, ਉਸ ਦੇ ਸਾਥੀ ਯਾਦਵਿੰਦਰ ਦੀ ਮਾਂ ਬਲਜੀਤ ਕੌਰ, ਪਿਤਾ ਜੈਕਾਰ ਸਿੰਘ ਅਤੇ ਭੈਣ ਹੁਸਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਤੇ ਮੋਬਾਈਲ ਫ਼ੋਨਾਂ ਦੀ ਜਾਣਕਾਰੀ ਜ਼ਬਤ ਕਰ ਲਈ ਹੈ। ਹਾਲਾਂਕਿ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਦੇ ਆਧਾਰ ‘ਤੇ ਅਦਾਲਤ ਨੇ ਸਿਰਫ਼ ਇੱਕ ਦਿਨ ਦਾ ਰਿਮਾਂਡ ਦਿੱਤਾ। ਅੱਜ ਫਿਰ ਪੁਲਿਸ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰੇਗੀ।

ਦਸ ਦੇਈਏ ਕਿ ਬੀਤੇ ਦਿਨ ਜਲੰਧਰ ਕਮਿਸ਼ਨਰੇਟ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਦੇ ਘਰ ਪਹੁੰਚੀਆਂ ਅਤੇ ਕਈ ਘੰਟਿਆਂ ਤੱਕ ਚੱਲੀ ਛਾਪੇਮਾਰੀ ਦੌਰਾਨ ਪੁਲਿਸ ਉਨ੍ਹਾਂ ਤੱਕ ਪਹੁੰਚ ਗਈ। ਦੱਸ ਦਈਏ ਕਿ ਪਿਛਲੇ 10 ਦਿਨਾਂ ‘ਚ ਕੈਨੇਡਾ ਨਿਵਾਸੀ ਅੱਤਵਾਦੀ ਲਖਬੀਰ ਸਿੰਘ ਅਤੇ ਉਸ ਦੇ ਸਾਥੀ ਯਾਦਵਿੰਦਰ ਸਿੰਘ ਖ਼ਿਲਾਫ਼ ਜਲੰਧਰ ਦੇ ਵੱਖ-ਵੱਖ ਥਾਣਿਆਂ ‘ਚ ਦੋ ਮਾਮਲੇ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਥਾਣਾ ਬਸਤੀ ਬਾਵਾ ਖੇਲ ‘ਚ ਅਤੇ ਦੂਜਾ ਮਾਮਲਾ ਥਾਣਾ ਡਵੀਜ਼ਨ ਨੰਬਰ ਛੇ ‘ਚ ਦਰਜ ਕੀਤਾ ਗਿਆ ਹੈ।

ਗੌਰਤਲਬ ਹੈ ਕਿ ਕੱਲ੍ਹ ਜਲੰਧਰ ਦੇ ਲੈਦਰ ਕੰਪਲੈਕਸ ਵਿੱਚ ਕੋਹਲੀ ਪ੍ਰਾਈਵੇਟ ਲਿਮਟਿਡ ਦੇ ਮਾਲਕਾਂ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ‘ਚ ਜਲੰਧਰ ਸਿਟੀ ਪੁਲਿਸ ਨੇ ਅੱਤਵਾਦੀ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਤਰਨ ਤਾਰਨ, ਜਗਰੂਪ ਸਿੰਘ ਜੱਪਾ ਅਤੇ ਭੁਪਿੰਦਰ ਸਿੰਘ ਉਰਫ਼ ਬੰਟੀ ਵਾਸੀ ਹੁਸ਼ਿਆਰਪੁਰ ਸ਼ਾਮਲ ਹਨ।

Leave a Reply

Your email address will not be published. Required fields are marked *