30/07/2026
net

ਹੁਣ ਫੋਨ ਤੇ ਇੰਟਰਨੈੱਟ ਚਲਾਉਣਾ ਸੌਖਾ ਨਹੀਂ ਰਹੇਗਾ। ਮੋਬਾਈਲ ਟੈਲੀਕਾਮ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਟੈਲੀਕਾਮ ਕੰਪਨੀਆਂ ਅਗਲੇ 12 ਮਹੀਨਿਆਂ ਵਿੱਚ ਕਈ ਵਾਰ ਟੈਰਿਫ ਵਧਾਉਣਗੀਆਂ। ਇਸ ਸਾਲ 3 ਜੁਲਾਈ ਨੂੰ ਟੈਰਿਫ ‘ਚ 25 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਗਰੋਂ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਲੋਕ ਨੰਬਰ ਪੋਰਟ ਕਰਵਾਉਣ ਵਿੱਚ ਲੱਗੇ ਹੋਏ ਹਨ।  CareEdge ਰੇਟਿੰਗਸ ਦੇ ਅਨੁਸਾਰ ਇਸ ਮਹੀਨੇ ਟੈਰਿਫ ‘ਚ ਕੀਤੇ ਗਏ 25 ਫੀਸਦੀ ਵਾਧੇ ਨਾਲ ਦੂਰਸੰਚਾਰ ਕੰਪਨੀਆਂ Jio, Airtel ਤੇ Vodafone-Idea ਦੀ ਪ੍ਰਤੀ ਉਪਭੋਗਤਾ ਔਸਤ ਆਮਦਨ (RPU) ₹182 ਤੋਂ ₹220 ਤੱਕ 15% ਵਧ ਜਾਵੇਗੀ।

ਕੰਪਨੀਆਂ RPU ਨੂੰ ₹300 ਤੋਂ ਉੱਪਰ ਲੈ ਜਾਣ ਦੀ ਤਿਆਰੀ ਕਰ ਰਹੀਆਂ ਹਨ। ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਦਾ ਕਹਿਣਾ ਹੈ ਕਿ ‘ਪ੍ਰਤੀ ਉਪਭੋਗਤਾ ਮਾਲੀਆ ₹300 ਤੱਕ ਪਹੁੰਚਣ ਦੇ ਬਾਵਜੂਦ, ਭਾਰਤ ਦੁਨੀਆ ਦਾ ਸਭ ਤੋਂ ਸਸਤਾ ਟੈਲੀਕਾਮ ਬਾਜ਼ਾਰ ਬਣਿਆ ਰਹੇਗਾ।

ਸਾਲ 2014 ਵਿੱਚ ਦੇਸ਼ ਵਿੱਚ ਇੰਟਰਨੈਟ ਦੀ ਪਹੁੰਚ ਸਿਰਫ 13.5% ਸੀ, ਜੋ 2024 ਤੱਕ ਚੌਗੁਣਾ ਹੋ ਕੇ 52.2% ਹੋ ਗਈ। ਟੈਲੀਕਾਮ ਉਦਯੋਗ ਦੀ ਆਮਦਨ 2018-19 ਤੋਂ 2022-23 ਦਰਮਿਆਨ 1 ਲੱਖ ਕਰੋੜ ਰੁਪਏ ਵਧੀ ਹੈ। 2016 ਵਿੱਚ 4ਜੀ ਸੇਵਾਵਾਂ ਦੀ ਸ਼ੁਰੂਆਤ ਤੋਂ ਬਾਅਦ ਟੈਰਿਫ ਨੂੰ ਘਟਾਇਆ ਗਿਆ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਇੰਟਰਨੈੱਟ ਦੀ ਪਹੁੰਚ ਤੇਜ਼ੀ ਨਾਲ ਵਧੀ। ਫੀਚਰਜ਼ ਦੀ ਮੰਗ ਵੀ ਵਧੀ ਹੈ। 

ਹੁਣ 5ਜੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਜਿਵੇਂ-ਜਿਵੇਂ ਤਕਨਾਲੋਜੀ ਅੱਗੇ ਵਧ ਰਹੀ ਹੈ, ਡੇਟਾ ਦੀ ਵਰਤੋਂ ਵੀ ਵਧਦੀ ਜਾ ਰਹੀ ਹੈ। ਕੰਪਨੀਆਂ ਇਸ ਰੁਝਾਨ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿੱਤੀ ਸਾਲ 2023-24 ਵਿੱਚ ਦੂਰਸੰਚਾਰ ਉਦਯੋਗ ਦੀ ਕੁੱਲ ਆਮਦਨ 2.4 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। ਉਧਰ ਪਿਛਲੇ 10 ਸਾਲਾਂ ਵਿੱਚ ਟੈਲੀਕਾਮ ਕੰਪਨੀਆਂ ਦੀ ਗਿਣਤੀ 22 ਤੋਂ ਘਟ ਕੇ 5 ਰਹਿ ਗਈ ਹੈ।

Leave a Reply

Your email address will not be published. Required fields are marked *