29/07/2026
o-109

ਪਤੰਜਲੀ ਆਯੁਰਵੇਦ ਵੱਲੋਂ ਕੋਰੋਨਾ ਡਰੱਗ ਕੋਰੋਨਿਲ ਨੂੰ ਲੈ ਕੇ ਦਿੱਤੇ ਗਏ ਗੁੰਮਰਾਹਕੁੰਨ ਇਸ਼ਤਿਹਾਰਾਂ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫਿਰ ਤੋਂ ਸਖਤ ਰੁਖ ਦਿਖਾਇਆ। ਅਦਾਲਤ ਨੇ ਇਸ ਮਾਮਲੇ ਵਿੱਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਦੀ ਮੁਆਫ਼ੀ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅੰਨ੍ਹੇ ਨਹੀਂ ਹਾਂ, ਅਸੀਂ ਸਾਰਾ ਕੁਝ ਦੇਖ ਰਹੇ ਅਤੇ ਸਮਝ ਰਹੇ ਹਾਂ। ਅਦਾਲਤ ਨੇ ਬਾਬਾ ਰਾਮਦੇਵ ਅਤੇ ਪਤੰਜਲੀ ਤੋਂ ਮੁਆਫੀ ਮੰਗਣ ਵਾਲੇ ਦੂਜੇ ਹਲਫਨਾਮੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਮਾਣਹਾਨੀ ਦੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ।

ਅਦਾਲਤ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਅਸੀਂ ਇਸ ਮੁਆਫ਼ੀ ਨੂੰ ਰੱਦ ਕਰਦੇ ਹਾਂ। ਇਸ ‘ਤੇ ਬਾਬਾ ਰਾਮਦੇਵ ਅਤੇ ਪਤੰਜਲੀ ਦਾ ਪੱਖ ਪੇਸ਼ ਕਰਦੇ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਸਾਨੂੰ 10 ਦਿਨ ਦਾ ਸਮਾਂ ਦਿਓ ਫਿਰ ਅਗਲੀ ਸੁਣਵਾਈ ‘ਚ ਗੱਲ ਕਰਦੇ ਹਾਂ।

ਦਰਅਸਲ, ਯੋਗ ਗੁਰੂ ਰਾਮਦੇਵ ਨੇ ਇਸ ਮਾਮਲੇ ‘ਚ ਪਹਿਲਾਂ ਹੀ ਮੁਆਫੀ ਮੰਗ ਲਈ ਸੀ ਅਤੇ ਅਦਾਲਤ ‘ਚ ਕਿਹਾ ਸੀ ਕਿ ਉਹ ਇਨ੍ਹਾਂ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾਉਣਗੇ। ਇਸ ਤੋਂ ਬਾਅਦ ਵੀ ਇਹ ਇਸ਼ਤਿਹਾਰ ਜਾਰੀ ਰਹੇ, ਜਿਸ ‘ਤੇ ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਮੁਆਫ਼ੀ ਕਾਗਜ਼ ‘ਤੇ ਹੈ। ਤੁਸੀਂ ਉਸ ਤੋਂ ਬਾਅਦ ਚੀਜ਼ਾਂ ਨੂੰ ਜਾਰੀ ਰੱਖਿਆ। ਅਸੀਂ ਹੁਣ ਤੁਹਾਡੀ ਮਾਫੀ ਨੂੰ ਰੱਦ ਕਰਦੇ ਹਾਂ ਅਤੇ ਅਗਲੀ ਕਾਰਵਾਈ ਲਈ ਤਿਆਰ ਰਹੋ।

ਇੰਨਾ ਹੀ ਨਹੀਂ ਬੈਂਚ ‘ਚ ਸ਼ਾਮਲ ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਅਸੀਂ ਅੰਨ੍ਹੇ ਨਹੀਂ ਹਾਂ। ਇਸ ‘ਤੇ ਪਤੰਜਲੀ ਦਾ ਬਚਾਅ ਕਰਦੇ ਹੋਏ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਲੋਕ ਗਲਤੀ ਕਰਦੇ ਹਨ। ਇਸ ਦਲੀਲ ਦੇ ਜਵਾਬ ਵਿੱਚ ਬੈਂਚ ਨੇ ਕਿਹਾ ਕਿ ਜੇਕਰ ਲੋਕ ਗਲਤੀ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਨਤੀਜਾ ਵੀ ਭੁਗਤਣਾ ਪੈਂਦਾ ਹੈ। ਅਸੀਂ ਇਸ ਮਾਮਲੇ ਵਿੱਚ ਇੰਨੀ ਢਿੱਲ ਨਹੀਂ ਦਿਖਾਵਾਂਗੇ।

Leave a Reply

Your email address will not be published. Required fields are marked *