30/07/2026
11-12

ਨੇਪਾਲ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮੱਧ ਨੇਪਾਲ ‘ਚ ਮਦਨ-ਆਸ਼ੀਰ ਹਾਈਵੇਅ ‘ਤੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਲਗਪਗ 65 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਗਈਆਂ। ਦੋਵੇਂ ਬੱਸਾਂ ਵਿੱਚ ਡਰਾਈਵਰ ਸਮੇਤ ਕੁੱਲ 65 ਸਵਾਰੀਆਂ ਸਨ। ਜਿਨ੍ਹਾਂ ‘ਚ 7 ਭਾਰਤੀ ਦੱਸੇ ਜਾ ਰਹੇ ਹਨ।

ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਬੱਸ ਡਰਾਈਵਰ ਸਮੇਤ ਕੁੱਲ 65 ਲੋਕ ਸਵਾਰ ਸਨ। ਢਿੱਗਾਂ ਡਿੱਗਣ ਕਾਰਨ ਬੱਸਾਂ ਤੜਕੇ ਸਾਢੇ ਤਿੰਨ ਵਜੇ ਦਰਿਆ ਵਿੱਚ ਵਹਿ ਗਈਆਂ। ਉਨ੍ਹਾਂ ਕਿਹਾ ਕਿ ਅਸੀਂ ਮੌਕੇ ‘ਤੇ ਟੀਮ ਦੇ ਨਾਲ ਹਾਂ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਲਾਪਤਾ ਬੱਸਾਂ ਦੀ ਭਾਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਨੇਪਾਲ ਵਿੱਚ ਇਨ੍ਹੀਂ ਦਿਨੀਂ ਭਾਰੀ ਬਾਰਿਸ਼ ਹੋ ਰਹੀ ਹੈ।

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਟਵਿਟਰ ‘ਤੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ”ਮੈਂ ਨਰਾਇਣਗੜ੍ਹ-ਮੁਗਲਿਨ ਰੋਡ ਸੈਕਸ਼ਨ ‘ਤੇ ਜ਼ਮੀਨ ਖਿਸਕਣ ਨਾਲ ਬੱਸ ਦੇ ਰੁੜ੍ਹ ਜਾਣ ਤੋਂ ਬਾਅਦ ਲਗਭਗ ਪੰਜ ਦਰਜਨ ਯਾਤਰੀਆਂ ਦੇ ਲਾਪਤਾ ਹੋਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਜਾਇਦਾਦ ਦੇ ਨੁਕਸਾਨ ਦੀ ਰਿਪੋਰਟ ਤੋਂ ਬਹੁਤ ਦੁਖੀ ਹਾਂ। ਮੈਂ ਗ੍ਰਹਿ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਮੁਸਾਫਰਾਂ ਦੀ ਭਾਲ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਚਾਉਣ ਲਈ ਨਿਰਦੇਸ਼ ਦਿੰਦਾ ਹਾਂ।”

ਅਧਿਕਾਰੀਆਂ ਨੇ ਦੱਸਿਆ ਕਿ ਗਣਪਤੀ ਡੀਲਕਸ ‘ਚ ਸਵਾਰ ਤਿੰਨ ਯਾਤਰੀ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ‘ਚ ਸਫਲ ਰਹੇ। ਪੁਲਿਸ ਸੁਪਰਡੈਂਟ ਭਾਵੇਸ਼ ਰਿਮਲ ਨੇ ਦੱਸਿਆ ਕਿ ਨੇਪਾਲ ਪੁਲਿਸ ਅਤੇ ਹਥਿਆਰਬੰਦ ਪੁਲਿਸ ਬਲ ਦੇ ਜਵਾਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਖ਼ਰਾਬ ਮੌਸਮ ਕਾਰਨ ਰਾਜਧਾਨੀ ਕਾਠਮੰਡੂ ਤੋਂ ਭਰਤਪੁਰ, ਚਿਤਵਨ ਲਈ ਸਾਰੀਆਂ ਉਡਾਣਾਂ ਨੂੰ ਅੱਜ ਲਈ ਰੱਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *