30/07/2026
flight-schedule

ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਇਸ ਸਰਦੀਆਂ ਦੇ ਮੌਸਮ ਵਿੱਚ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਏਅਰਪੋਰਟ ਅਥਾਰਟੀ ਨੇ ਸਰਦੀਆਂ ਦੀ ਸਮਾਂ-ਸਾਰਣੀ ਲਈ ਇਨ੍ਹਾਂ ਦੋਵਾਂ ਉਡਾਣਾਂ ਨੂੰ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਘਰੇਲੂ ਉਡਾਣਾਂ ਤਹਿਤ ਧਾਰਮਿਕ ਸਥਾਨ ਅਯੁੱਧਿਆ ਤੇ ਨਾਂਦੇੜ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ।

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ ਤਿਆਰੀਆਂ ਜ਼ੋਰਾਂ ‘ਤੇ ਹਨ। ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਉਡਾਣਾਂ ਨੂੰ ਸਰਦੀਆਂ ਦੇ ਕਾਰਜਕ੍ਰਮ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਇਹ ਉਡਾਣਾਂ ਇਸ ਸੀਜ਼ਨ ‘ਚ ਯਾਤਰੀਆਂ ਲਈ ਵੱਡੀ ਰਾਹਤ ਸਾਬਤ ਹੋਣਗੀਆਂ।

ਇਸ ਦੇ ਨਾਲ ਹੀ ਆਬੂ ਧਾਬੀ ਲਈ ਪਹਿਲਾਂ ਤੋਂ ਚੱਲ ਰਹੀਆਂ ਫਲਾਈਟਾਂ ਦਾ ਸਮਾਂ ਵੀ ਬਦਲਿਆ ਜਾ ਰਿਹਾ ਹੈ। ਇਹ ਫਲਾਈਟ ਹੁਣ 29 ਅਕਤੂਬਰ ਨੂੰ ਰਾਤ 11:10 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ। ਜਦੋਂਕਿ ਇਹ ਆਬੂ ਧਾਬੀ ਤੋਂ ਦੁਪਹਿਰ 2:30 ਵਜੇ (ਸਥਾਨਕ ਸਮੇਂ) ‘ਤੇ ਉਡਾਣ ਭਰੇਗੀ ਤੇ ਸਵੇਰੇ 6:00 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਬਦਲਾਅ ਨਾਲ ਯਾਤਰੀਆਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ।

ਇਸ ਦੇ ਨਾਲ ਹੀ ਧਾਰਮਿਕ ਯਾਤਰਾਵਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੰਡੀਗੜ੍ਹ ਹਵਾਈ ਅੱਡੇ ਤੋਂ ਅਯੁੱਧਿਆ ਤੇ ਨਾਂਦੇੜ ਲਈ ਵੀ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇੰਡੀਗੋ ਤੇ ਵਿਸਤਾਰਾ ਵਰਗੀਆਂ ਏਅਰਲਾਈਨਾਂ ਨੇ ਯਾਤਰੀਆਂ ਦੀ ਗਿਣਤੀ ਦਾ ਸਰਵੇਖਣ ਪੂਰਾ ਕਰ ਲਿਆ ਹੈ, ਜਿਸ ਦੇ ਆਧਾਰ ‘ਤੇ ਇਹ ਦੋਵੇਂ ਉਡਾਣਾਂ ਵੀ ਜਲਦੀ ਸ਼ੁਰੂ ਹੋਣਗੀਆਂ।

Leave a Reply

Your email address will not be published. Required fields are marked *