29/07/2026
ka

ਇਕ ਸਿੱਖ ਵਿਅਕਤੀ ਨੂੰ ਖ਼ਾਲਿਸਤਾਨੀ ਕਹਿ ਕੇ ਉਸ ਤੇ ਇੱਟਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਰਾਤ ਲਗਪਗ 10 ਵਜੇ ਬੱਸ ਸਟੈਂਡ ਦੇ ਨੇੜੇ ਰੇਲਵੇ ਫਾਟਕ ਦੀ ਹੈ। ਹਾਲਾਂਕਿ ਫਾਟਕ ਤੋਂ ਡੀਸੀ ਰਿਹਾਇਸ਼ ਕੁਝ ਹੀ ਦੂਰੀ ’ਤੇ ਹੈ। ਸੈਕਟਰ-19 ਨਿਵਾਸੀ ਸੁਖਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸਿਵਿਲ ਲਾਈਨ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ।

ਇਸ ਮਾਮਲੇ ਸਬੰਧੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਡਿਫੈਂਸ ਕਾਲੋਨੀ ਵਿਚ ਫਰਨੀਚਰ ਦਾ ਸ਼ੋਅਰੂਮ ਹੈ। ਰਾਤ ਲਗਪਗ ਪੌਣੇ ਦਸ ਵਜੇ ਉਹ ਸ਼ੋਅਰੂਮ ਬੰਦ ਕਰ ਕੇ ਸਕੂਟੀ ਤੇ ਘਰ ਜਾ ਰਿਹਾ ਸੀ। ਰਸਤੇ ਵਿਚ ਫਾਟਕ ਬੰਦ ਮਿਲਿਆ ਤਾਂ ਉਹ ਉਥੇ ਰੁਕ ਗਿਆ। ਇਸੇ ਦੌਰਾਨ ਉਸ ਪਿੱਛੇ ਇਕ ਬਾਈਕ ਤੇ ਦੋ ਨੌਜਵਾਨ ਆ ਕੇ ਰੁਕ ਗਏ। ਰੇਲ ਗੱਡੀ ਜਾਣ ਤੋਂ ਬਾਅਦ ਜਿਵੇਂ ਹੀ ਉਹ ਸਕੂਟੀ ਚਲਾਉਣ ਲੱਗਾ ਤਾਂ ਬਾਈਕ ਸਵਾਰ ਨੌਜਵਾਨ ਕਹਿਣ ਲੱਗੇ ਕਿ ਓਏ ਖ਼ਾਲਿਸਤਾਨੀ, ਜਲਦੀ ਸਕੂਟੀ ਅੱਗੇ ਕੱਢ ਲੈ। ਉਸ ਨੇ ਵਿਰੋਧ ਕੀਤਾ ਤਾਂ ਦੋਵਾਂ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ।

ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਤੇ ਤਾਂ ਹੱਤਿਆ ਦਾ ਇਕ ਕੇਸ ਪਹਿਲਾਂ ਹੀ ਦਰਜ ਹੈ। ਤੈਨੂੰ ਵੀ ਜਾਨ ਤੋਂ ਮਾਰ ਦੇਵਾਂਗੇ ਤੇ 1984 ਵਾਲਾ ਕੰਮ ਕਰ ਦੇਵਾਂਗੇ। ਉਥੋਂ ਗੁਜ਼ਰ ਰਹੇ ਰਾਜੂ ਨਾਂ ਦੇ ਵਿਅਕਤੀ ਨੇ ਉਸ ਨੂੰ ਨੌਜਵਾਨਾਂ ਤੋਂ ਛੁੜਵਾਇਆ। ਉਸ ਸਮੇਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਮੌਕੇ ਤੇ ਪੁੱਜੀ। ਰਾਹਗੀਰਾਂ ਨੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ। ਸਿਵਿਲ ਲਾਈਨ ਥਾਣਾ ਇੰਚਾਰਜ ਇੰਸਪੈਕਟਰ ਸ਼ੀਲਾਵੰਤੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਹੀ ਮਾਰ ਕੁੱਟ ਕਰਨ ਵਾਲੇ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਜਾਵੇਗਾ।

Leave a Reply

Your email address will not be published. Required fields are marked *