29/07/2026
Amritpal Singh-1712558780481

ਇਸ ਵਾਰ ਲੋਕ ਸਭਾ ਚੋਣਾਂ 2024 ਲਈ ਪੰਜਾਬ ਦੀਆਂ 13 ਸੀਟਾਂ ਲਈ 328 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 302 ਪੁਰਸ਼ ਅਤੇ 26 ਮਹਿਲਾ ਉਮੀਦਵਾਰ ਹਨ। ਇਹ ਅੰਕੜਾ ਪਿਛਲੀਆਂ ਦੋ ਚੋਣਾਂ ਵਿੱਚ ਸਭ ਤੋਂ ਵੱਧ ਹੈ। ਜਿੱਥੇ 2014 ਵਿੱਚ 253 ਉਮੀਦਵਾਰ ਮੈਦਾਨ ਵਿੱਚ ਸਨ, ਉੱਥੇ ਹੀ 2019 ਵਿੱਚ 278 ਉਮੀਦਵਾਰਾਂ ਨੇ ਚੋਣ ਲੜੀ ਸੀ। ਇਸ ਦੇ ਨਾਲ ਹੀ ਪੰਜਾਬ ਦੀ ਸਭ ਤੋਂ ਗਰਮ ਪੰਥਕ ਸੀਟ ਖਡੂਰ ਸਾਹਿਬ ਤੋਂ ਇੱਕ ਵੀ ਮਹਿਲਾ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਹੈ। ਇੰਨਾ ਹੀ ਨਹੀਂ ਸਭ ਤੋਂ ਵੱਧ 43 ਉਮੀਦਵਾਰ ਲੁਧਿਆਣਾ ਤੋਂ ਚੋਣ ਲੜ ਰਹੇ ਹਨ।

ਦਸ ਦੇਈਏ ਕਿ ਡਿਬਰੂਗੜ੍ਹ ਜੇਲ ਭੇਜੇ ਗਏ ਅੰਮ੍ਰਿਤਪਾਲ ਸਿੰਘ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਵਜੋਂ ਮਾਈਕ ਦਿੱਤਾ ਗਿਆ ਹੈ। ਅੰਮ੍ਰਿਤਪਾਲ ਪੰਜਾਬ ਦੀ ਸਭ ਤੋਂ ਵੱਡੀ ਪੰਥਕ ਸੀਟ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ। ਇਥੇ ਸਿੱਖਾਂ ਦੀ ਗਿਣਤੀ 75 ਫੀਸਦੀ ਹੈ ਅਤੇ ਇਨ੍ਹਾਂ ਵਿਚੋਂ ਸਭ ਤੋਂ ਵੱਧ ਪੰਥਕ ਉਮੀਦਵਾਰ ਹਮੇਸ਼ਾ ਹੀ ਚੁਣੇ ਗਏ ਹਨ। ਇਹ ਉਹੀ ਸੀਟ ਹੈ ਜਿੱਥੋਂ ਖਾਲਿਸਤਾਨ ਸਮਰਥਕ ਸਿਮਰਨਜੀਤ ਸਿੰਘ ਮਾਨ ਨੇ 1989 ਵਿੱਚ ਚੋਣ ਲੜੀ ਸੀ ਅਤੇ 4.80 ਲੱਖ ਵੋਟਾਂ ਨਾਲ ਜਿੱਤੇ ਸਨ।

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਗੋਲੀਆਂ ਚਲਾਉਣ ਵਾਲੇ ਬੇਅੰਤ ਸਿੰਘ ਦੇ ਪੁੱਤਰ ਨੇ ਵੀ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ। ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਸਟਾਰ ਉਮੀਦਵਾਰਾਂ ਦੀ ਸੀਟ ਬਣ ਚੁੱਕੀ ਫਰੀਦਕੋਟ (SC) ਤੋਂ ਆਜ਼ਾਦ ਚੋਣ ਲੜ ਰਿਹਾ ਹੈ। ਚੋਣ ਕਮਿਸ਼ਨ ਨੇ ਉਸ ਨੂੰ ਚੋਣ ਨਿਸ਼ਾਨ ਵਜੋਂ ਕਿਸਾਨ-ਗੰਨਾ ਦਿੱਤਾ ਹੈ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਚੋਣ ਕਮਿਸ਼ਨ ਵੱਲੋਂ ਬਾਲਟੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸ ਵਾਰ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਇਸ ਪਾਰਟੀ ਦਾ ਦੂਜਾ ਮਸ਼ਹੂਰ ਚਿਹਰਾ ਹੈ ਲੱਖਾ ਸਿਧਾਣਾ ਜੋ ਬਠਿੰਡਾ ਤੋਂ ਚੋਣ ਲੜ ਰਹੇ ਹਨ।

Leave a Reply

Your email address will not be published. Required fields are marked *