30/07/2026
10_12_2024-10dec2024_pj_dallewal_9432186

 ਹਰਿਆਣਾ ਅਤੇ ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ ਪੂਰਾ ਦਿਨ ਭੁੱਖ ਹੜਤਾਲ ‘ਤੇ ਰਹਿਣਗੇ। ਮੋਰਚੇ ‘ਤੇ ਲੰਗਰ ਤਿਆਰ ਨਹੀਂ ਕੀਤਾ ਜਾਵੇਗਾ। ਪਿੰਡਾਂ ਦੇ ਲੋਕਾਂ ਨੂੰ ਵੀ ਮੋਰਚੇ ਵਿੱਚ ਲੰਗਰ ਨਾ ਲਿਆਉਣ ਲਈ ਕਹਿ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਮੀਟਿੰਗ ਕਰਕੇ ਦਿੱਲੀ ਕੂਚ ਨੂੰ ਲੈਕੇ ਐਲਾਨ ਕਰਨਗੇ। ਦੂਜੇ ਪਾਸੇ ਖਨੌਰੀ ਬਾਰਡਰ ‘ਤੇ ਪੰਜਾਬ ਪੁਲਿਸ ਵੀ ਅਲਰਟ ਮੋਡ ‘ਤੇ ਹੈ। ਸੋਮਵਾਰ ਨੂੰ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਡੱਲੇਵਾਲ ਨੂੰ ਮਿਲਣ ਆਏ ਸਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ। ਉਨ੍ਹਾਂ ਦਾ ਮਰਨ ਵਰਤ 15ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਨੂੰ ਸਟੇਜ ‘ਤੇ ਆਉਣ ‘ਚ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦੇ ਅਤੇ ਜਿਗਰ ‘ਤੇ ਅਸਰ ਪੈ ਰਿਹਾ ਹੈ। ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਇਆਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 124/95, ਸ਼ੂਗਰ 93, ਨਬਜ਼ 87 ਹੈ। ਭਾਰ 11 ਕਿਲੋ ਘੱਟ ਹੋ ਗਿਆ ਹੈ।

ਡੱਲੇਵਾਲ ਦਾ ਕਹਿਣਾ ਹੈ ਕਿ ਇਹ ਇੱਕ ਸਰਬਪੱਖੀ ਲੜਾਈ ਹੈ ਅਤੇ ਉਨ੍ਹਾਂ ਦਾ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਮਐਸਪੀ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ। ਇਸ ਦੌਰਾਨ ਡੱਲੇਵਾਲ ਭਾਵੁਕ ਨਜ਼ਰ ਆਏ। ਉਨ੍ਹਾਂ ਦੇ ਭਾਵੁਕ ਹੋਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਡੱਲੇਵਾਲ ਨਾਲ ਮੁਲਾਕਾਤ ਦੌਰਾਨ ਉਹ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਭਾਵੁਕ ਨਜ਼ਰ ਆਏ।

ਦਸਿਆ ਜਾ ਰਿਹਾ ਹੈ ਕਿ ਡੱਲੇਵਾਲ ਦੀ ਸਿਹਤਯਾਬੀ ਲਈ ਕਿਸਾਨ 11 ਦਸੰਬਰ ਨੂੰ ਸਾਰੇ ਪਿੰਡਾਂ ‘ਚ ਧਾਰਮਿਕ ਸਥਾਨਾਂ ‘ਤੇ ਅਰਦਾਸ ਕਰਨਗੇ। ਇਸ ਲਈ ਰਣਨੀਤੀ ਬਣਾਈ ਗਈ ਹੈ। ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਮੋਰਚੇ ਵਿੱਚ ਪੁੱਜਣ, ਤਾਂ ਜੋ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।

Leave a Reply

Your email address will not be published. Required fields are marked *