29/07/2026
GetImageContent

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲਾਗੂ ਕਰਨ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ 10 ਸਾਲ ਦੇਸ਼ ‘ਤੇ ਰਾਜ ਕਰਨ ਤੋਂ ਚੋਣਾਂ ਮੌਕੇ ਕੇਂਦਰ ਸਰਕਾਰ ਸੀਏਏ ਲੈ ਕੇ ਆਈ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਗਰੀਬ ਅਤੇ ਮੱਧ ਵਰਗ ਮਹਿੰਗਾਈ ਕਾਰਨ ਸੰਤਾਪ ਝੱਲ ਰਿਹਾ ਹੈ ਅਤੇ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਲਈ ਦਰ-ਦਰ ਭਟਕ ਰਹੇ ਹਨ, ਉਨ੍ਹਾਂ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਇਹ ਲੋਕ (ਕੇਂਦਰੀ ਸਰਕਾਰ) ਸੀ.ਏ.ਏ. ਲੈਕੇ ਆਏ ਹਨ। ਭਾਰਤ ਸਰਕਾਰ ਦਾ ਪੈਸਾ ਪਾਕਿਸਤਾਨ ਦੇ ਲੋਕਾਂ ‘ਤੇ ਖਰਚ ਕੀਤਾ ਜਾਵੇਗਾ। ਦੇਸ਼ ‘ਚ ਕਰੀਬ ਦੋ ਕਰੋੜ ਲੋਕ ਆਉਣਗੇ। ਭਾਜਪਾ ਵੋਟ ਬੈਂਕ ਲਈ ਅਜਿਹਾ ਕਰ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਦਸ ਸਾਲਾਂ ਵਿੱਚ ਉਨ੍ਹਾਂ ਦੀਆਂ ਨੀਤੀਆਂ ਅਤੇ ਅੱਤਿਆਚਾਰਾਂ ਤੋਂ ਤੰਗ ਆ ਕੇ 11 ਲੱਖ ਤੋਂ ਵੱਧ ਵਪਾਰੀ ਅਤੇ ਉਦਯੋਗਪਤੀ ਦੇਸ਼ ਛੱਡ ਕੇ ਚਲੇ ਗਏ ਹਨ। ਉਨ੍ਹਾਂ ਨੂੰ ਵਾਪਸ ਕਿਉਂ ਨਹੀਂ ਲਿਆਂਦਾ ਜਾ ਰਿਹਾ, ਉਹ ਗੁਆਂਢੀ ਦੇਸ਼ ਤੋਂ ਗਰੀਬਾਂ ਨੂੰ ਲਿਆ ਕੇ ਭਾਰਤ ਵਿੱਚ ਵਸਾਉਣਾ ਚਾਹੁੰਦੇ ਹਨ। ਕਿਉਂ, ਸਿਰਫ਼ ਆਪਣਾ ਵੋਟ ਬੈਂਕ ਬਣਾਉਣ ਲਈ।

ਦਿੱਲੀ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਸ਼ਾਇਦ ਦੁਨੀਆ ਦੀ ਇਕਲੌਤੀ ਪਾਰਟੀ ਹੈ ਜੋ ਗੁਆਂਢੀ ਦੇਸ਼ਾਂ ਦੇ ਗਰੀਬਾਂ ਨੂੰ ਆਪਣਾ ਵੋਟ ਬੈਂਕ ਬਣਾਉਣ ਲਈ ਇਹ ਗੰਦੀ ਰਾਜਨੀਤੀ ਕਰ ਰਹੀ ਹੈ। ਇਹ ਦੇਸ਼ ਦੇ ਖਿਲਾਫ ਹੈ। ਇਸ ਦਾ ਖਾਸ ਕਰਕੇ ਆਸਾਮ ਅਤੇ ਪੂਰੇ ਉੱਤਰ-ਪੂਰਬੀ ਭਾਰਤ ਦੇ ਲੋਕ ਇਸ ਦਾ ਸਖ਼ਤ ਵਿਰੋਧ ਕਰਦੇ ਹਨ, ਜੋ ਬੰਗਲਾਦੇਸ਼ ਤੋਂ ਪਰਵਾਸ ਦਾ ਸ਼ਿਕਾਰ ਹੋਏ ਹਨ ਅਤੇ ਜਿਨ੍ਹਾਂ ਦੀ ਭਾਸ਼ਾ ਅਤੇ ਸੱਭਿਆਚਾਰ ਅੱਜ ਖ਼ਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਸਾਮ ਅਤੇ ਪੂਰੇ ਉੱਤਰ ਪੂਰਬੀ ਰਾਜਾਂ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਜੇਕਰ ਇਸਨੂੰ ਵਾਪਸ ਨਾ ਲਿਆ ਗਿਆ ਤਾਂ ਜਨਤਾ ਚੋਣਾਂ ਵਿੱਚ ਭਾਜਪਾ ਦੇ ਖਿਲਾਫ ਵੋਟ ਪਾ ਕੇ ਭਾਜਪਾ ਨੂੰ ਜਵਾਬ ਦੇਵੇਗੀ।

Leave a Reply

Your email address will not be published. Required fields are marked *