30/07/2026
js

ਕਰੀਬ ਇੱਕ ਮਹੀਨਾ ਪਹਿਲਾਂ ਜਲੰਧਰ ਦੇ ਭੋਗਪੁਰ ਨੇੜੇ ਗੋਲੀ ਮਾਰ ਕੇ ਮਾਰੇ ਗਏ ਜਸਪਾਲ ਸਿੰਘ ਉਰਫ਼ ਸ਼ਾਲੂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਚੰਡੀਗੜ੍ਹ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਹੁਣ ਤੱਕ ਕੁੱਲ ਪੰਜ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ।

ਪੁਲਿਸ ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ’ਤੇ ਲੈ ਲਵੇਗੀ। ਡੀਜੀਪੀ ਗੌਰਵ ਯਾਦਵ ਨੇ ਕਿਹਾ- ਜਲੰਧਰ ਦਿਹਾਤ ਪੁਲਿਸ ਨੇ ਭੋਗਪੁਰ ਦੇ ਜਸਪਾਲ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਮੁੱਖ ਦੋਸ਼ੀ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜ ਹਥਿਆਰ ਬਰਾਮਦ ਹੋਏ ਹਨ। ਮੁੱਖ ਸਪਲਾਇਰ ਨੂੰ ਵੀ ਬਿਹਾਰ ਦੇ ਮੁਜ਼ੱਫਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ- ਮੁਲਜ਼ਮ ਬਿਹਾਰ ਤੋਂ ਸਾਰੇ ਹਥਿਆਰ ਲਿਆਏ ਸਨ।

ਜਸਪਾਲ ਦਾ ਕਤਲ ਚਾਰ ਵਿਅਕਤੀਆਂ ਨੇ ਕੀਤਾ ਸੀ। ਜਸਪਾਲ ਮੂਲ ਰੂਪ ਤੋਂ ਭੋਗਪੁਰ ਦਾ ਰਹਿਣ ਵਾਲਾ ਸੀ। ਉਕਤ ਨੌਜਵਾਨ ਨੂੰ ਭੋਗਪੁਰ ਸਥਿਤ ਮੋਗਾ ਰੇਲਵੇ ਫਾਟਕ ਨੇੜੇ ਗੋਲੀ ਮਾਰ ਦਿੱਤੀ ਗਈ। ਪੁਲਿਸ ਨੇ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਸਪਾਲ ਦੀ ਬਾਈਕ ਨੂੰ ਪਹਿਲਾਂ ਟੱਕਰ ਮਾਰ ਕੇ ਹੇਠਾਂ ਸੁੱਟਿਆ ਗਿਆ ਅਤੇ ਫਿਰ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਕੁੱਲ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿੱਚੋਂ ਗੁਰਜੀਤ ਸਿੰਘ ਵਾਸੀ ਪਿੰਡ ਵਿਨਪਾਲਕੇ, ਰਵੀ ਅਤੇ ਗੁਰਪ੍ਰੀਤ ਸਿੰਘ ਦੋਵੇਂ ਵਾਸੀ ਗੇਹਲੜਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮ੍ਰਿਤਕ ਦੇ ਵੱਡੇ ਭਰਾ ਨੇ ਦੋਸ਼ ਲਾਇਆ ਸੀ ਕਿ ਦੋ ਦਿਨ ਪਹਿਲਾਂ ਉਸ ਨੇ ਉਸ ਦੀ ਕੁੱਟਮਾਰ ਕੀਤੀ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।

Leave a Reply

Your email address will not be published. Required fields are marked *